ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਬਹਾਲ ਕੀਤੀ

ਵੈਨਕੂਵਰ, 22 ਨਵੰਬਰ 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਸਦ ਵਿਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਵਿੱਚ ਭਾਰਤੀ ਖੁੂਫੀਆ ਏਜੰਸੀ ਦੀ ਸ਼ਮੂਲੀਅਤ ਦੇ ਦੋਸ਼ਾਂ ਦੇ ਸਬੂਤ ਹੋਣ ਦੇ ਦੋਸ਼ ਤੋਂ ਬਾਅਦ ਦੁਵੱਲੇ ਸਬੰਧਾਂ ’ਚ ਆਈ ਖਟਾਸ ਕਾਰਨ ਭਾਰਤ ਵਲੋਂ ਬੰਦ ਕੀਤੀਆਂ ਈ-ਵੀਜ਼ਾ ਸੇਵਾ ਅੱਜ ਤੋਂ ਬਹਾਲ ਕਰ ਦਿੱਤੀ ਗਈ ਹੈ। ਉੱਧਰ ਭਾਰਤ ਦੀ ਮੇਜ਼ਬਾਨੀ ਹੇਠ ਜੀ-20 ਦੇਸ਼ਾਂ ਦੇ ਡਿਜੀਟਲ ਸੰਮੇਲਨ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਲੋਂ ਸ਼ਮੂਲੀਅਤ ਦੀ ਗੱਲ ਤੋਂ ਬਾਅਦ ਰਾਜਨੀਤਿਕ ਲੋਕਾਂ ਨੇ ਦੁਵੱਲੀ ਖਟਾਸ ਘਟਾਉਣ ਵੱਲ ਪੁੱਟਿਆ ਕਦਮ ਮੰਨਿਆ ਜਾ ਰਿਹਾ ਹੈ। ਸਤੰਬਰ ਦੇ ਆਖਰੀ ਦਿਨਾਂ ’ਚ ਕੈਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ੇ ਬੰਦ ਕਰ ਦਿੱਤੇ ਗਏ ਸਨ। ਪਿਛਲੇ ਮਹੀਨੇ ਕੁਝ ਸ਼ਰਤਾਂ ਅਧੀਨ ਖਾਸ ਵਰਗਾਂ ਲਈ ਵੀਜ਼ਾ ਸੇਵਾਵਾਂ ਚਾਲੂ ਕਰ ਦਿਤੀਆਂ ਗਈਆਂ ਸੀ, ਪਰ ਆਮ ਵਰਤਿਆ ਜਾਣ ਵਾਲਾ ਈ-ਵੀਜ਼ਾ ਬਹਾਲ ਨਹੀਂ ਸੀ ਕੀਤਾ ਗਿਆ, ਜੋ ਅੱਜ ਤੋਂ ਬਹਾਲ ਹੋ ਗਿਆ ਹੈ।

ਦੋਹਾਂ ਦੇਸ਼ਾਂ ਦੀ ਖਟਾਸ ਕਾਰਨ ਭਾਰਤ ਵਲੋਂ ਪਿਛਲੇ ਮਹੀਨੇ ਕੈਨੇਡਾ ਦੇ 41 ਰਾਜਦੂਤਾਂ ਨੂੰ ਚਲੇ ਜਾਣ ਲਈ ਕਹੇ ਜਾਣ ਤੋਂ ਬਾਅਦ ਖਟਾਸ ਵੀ ਵਧੀ ਤੇ ਭਾਰਤ ’ਚੋਂ ਸਟਾਫ ਦੀ ਕਮੀ ਕਾਰਨ ਕੈਨੇਡਾ ਲਈ ਵੀਜ਼ਾ ਸੇਵਾਵਾਂ ਵੀ ਪ੍ਰਭਾਵਤ ਹੋਈਆਂ। ਅਮਰੀਕਾ ਸਮੇਤ ਗਰੁੱਪ 5 ਦੇਸ਼ਾਂ ਵਲੋਂ ਕੈਨੇਡਾ ਵਲੋਂ ਲਾਏ ਦੋਸ਼ਾਂ ਦੀ ਹਮਾਇਤ ਕਰਦਿਆਂ ਭਾਰਤ ਨੂੰ ਹਰਦੀਪ ਸਿੰਘ ਨਿੱਝਰ ਕਤਲ ਕਾਂਡ ਦੀ ਜਾਂਚ ਵਿਚ ਸਹਿਯੋਗ ਕਰਨ ਲਈ ਕਿਹਾ ਜਾਂਦਾ ਰਿਹਾ ਹੈ। ਕੈਨੇਡਾ ਵਸੇ ਭਾਰਤੀਆਂ ਵਲੋਂ ਵੀ ਵੀਜ਼ਾ ਸੇਵਾਵਾਂ ਦੀ ਬਹਾਲੀ ਲਈ ਜ਼ੋਰ ਪਾਇਆ ਜਾਂਦਾ ਰਿਹਾ ਹੈ। ਭਾਰਤ ਵਲੋਂ ਕੈਨੇਡਾ ਸਰਕਾਰ ਨੂੰ ਵੱਖਵਾਦੀਆਂ ਉੱਤੇ ਸ਼ਿਕੰਜਾ ਕਸੇ ਜਾਣ ਲਈ ਵੀ ਕਿਹਾ ਜਾਂਦਾ ਰਿਹਾ ਹੈ, ਜਿਸ ਨੂੰ ਕੈਨੇਡਾ ਸਰਕਾਰ ਵਿਅਕਤੀਗੱਤ ਅਜਾਦੀ ਦੇ ਹੱਕ ਹੇਠ ਨਜ਼ਰ-ਅੰਦਾਜ਼ ਕਰਦੀ ਆ ਰਹੀ ਹੈ। ਭਾਰਤ ਸਰਕਾਰ ਵਲੋਂ ਕੈਨੇਡਾ ਤੋਂ ਸ਼ਮੂਲੀਅਤ ਦੇ ਸਬੂਤ ਮੰਗੇ ਜਾਣ ਅਤੇ ਭਾਰਤੀ ਵਿਦੇਸ਼ ਮੰਤਰੀ ਵਲੋਂ ਦੋ ਵਾਰ ਅਮਰੀਕਨ ਫੇਰੀਆਂ ਦੌਰਾਨ ਦੁਵੱਲੀ ਖਟਾਸ ਘਟਾਉਣ ਦੇ ਯਤਨਾਂ ਵਜੋਂ ਵੇਖਿਆ ਜਾਂਦਾ ਰਿਹਾ ਹੈ। ਸਮੁੱਚੇ ਰੂਪ ਵਿਚ ਈ ਵੀਜ਼ਾ ਸਹੂਲਤ ਦੀ ਬਹਾਲੀ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਈ-ਵੀਜ਼ਾ ਪੋਰਟਲ ਕੰਮ ਕਰਨ ਲੱਗਾ ਹੈ।