ਬਰਤਾਨੀਆ: ਭਾਰਤੀ ਹਾਈ ਕਮਿਸ਼ਨ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ

ਲੰਡਨ

ਭਾਰਤੀ ਹਾਈ ਕਮਿਸ਼ਨ ਵੱਲੋਂ ਇੱਥੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ। ਲੰਡਨ ਦੇ ਇੰਡੀਆ ਹਾਊਸ ਵਿੱਚ ਕ੍ਰਿਸਮਸ ਸਬੰਧੀ ਸਜਾਵਟ ਕੀਤੀ ਗਈ ਅਤੇ ਗਾਂਧੀ ਹਾਲ ਵਿੱਚ ਕਿੰਗਜ਼ ਕਾਲਜ ਲੰਡਨ ਦੀ ਮਸੀਹੀ ਭਜਨ ਮੰਡਲੀ ਨੇ ਮਸੀਹੀ ਭਜਨ ਪੇਸ਼ ਕੀਤੇ।

ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨ ਦਫ਼ਤਰ ਵਿੱਚ ਕਰਵਾਏ ਸਮਾਗਮ ਮੌਕੇ ਪਰਵਾਸੀ ਸੰਗਠਨਾਂ ਦੇ ਵੱਖ-ਵੱਖ ਰੰਗ ਨਜ਼ਰ ਆਏ, ਜਿਸ ਵਿੱਚ ਮੁੰਬਈ ’ਚ ਜਨਮੇ ਓਪੇਰਾ ਗਾਇਕ ਆਸਕਰ ਕੈਸਟੀਲੈਨੋ ਦੀ ਪੇਸ਼ਕਾਰੀ ਵੀ ਸ਼ਾਮਲ ਸੀ। ਉਸ ਨੇ ਮਸੀਹੀ ਭਜਨ ‘ਸਾਈਲੈਂਟ ਨਾਈਟ’ ਨੂੰ ਹਿੰਦੀ ਵਿੱਚ ਗਾਇਆ। ਆਸਕਰ ਨੇ ਕਿਹਾ, ‘‘ਮੈਂ ਮਹਿਸੂਸ ਕੀਤਾ ਸੀ ਕਿ ਹਿੰਦੀ ਭਾਸ਼ਾ ‘ਸਾਈਲੈਂਟ ਨਾਈਟ’ ਵਰਗੇ ਕ੍ਰਿਸਮਸ ਕੈਰੋਲ (ਮਸੀਹੀ ਭਜਨ) ਨੂੰ ਖੂਬਸੂਰਤੀ ਨਾਲ ਪੇਸ਼ ਕਰੇਗੀ।’’

ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ, ‘‘ਕ੍ਰਿਸਮਸ ਦਾ ਤਿਉਹਾਰ ਮਨਾ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ, ਜਿਵੇਂ ਅਸੀਂ ਸਾਰੇ ਤਿਉਹਾਰ ਮਨਾਉਂਦੇ ਹਾਂ ਜਿਹੜੇ ਅਸਲ ਵਿੱਚ ਭਾਰਤ ਦੀ ਪਛਾਣ ਹਨ। ਭਾਰਤ ਤਿਉਹਾਰਾਂ ਦੀ ਧਰਤੀ ਹੈ, ਵਿੰਭਿਨਤਾਵਾਂ ਦੀ ਧਰਤੀ ਹੈ ਅਤੇ ਇੱਕ ਅਜਿਹੀ ਧਰਤੀ ਹੈ ਜਿੱਥੇ ਤਿਉਹਾਰ ਸਾਡੇ ਲਈ ਖੁਸ਼ੀ, ਪਿਆਰ ਅਤੇ ਸਭ ਤੋਂ ਵੱਧ ਰੌਸ਼ਨੀਆਂ ਦਾ ਪ੍ਰਤੀਕ ਹਨ।’’

ਸਮਾਗਮ ਮੌਕੇ ਕਿੰਗਜ਼ ਕਾਲਜ ਲੰਡਨ ਦੀ ਮਸੀਹੀ ਭਜਨ ਮੰਡਲੀ ਨੇ ਰਵਾਇਤੀ ਭਜਨ ਪੇਸ਼ ਕੀਤੇ। ਇਸ ਮੌਕੇ ਗੈਸਟ ਆਫ ਆਨਰ ਵੈਸਟਮਿੰਸਟਰ ਦੇ ਡੀਨ ਡਾ. ਡੇਵਿਡ ਹੋਇਲੇ ਨੇ ਦੱਸਿਆ ਕਿ ਵੈਸਟਮਿੰਸਟਰ ਐਬੇ ’ਚ ਵੇਲਜ਼ ਦੀ ਰਾਜਕੁਮਾਰੀ ਕੈਥਰੀਨ ਵੱਲੋਂ ਕਰਵਾਏ ਮਸੀਹੀ ਭਜਨ ਸਮਾਗਮਾਂ ਨੂੰ ਕ੍ਰਿਸਮਸ ਦੀ ਪੂਰਵ ਸੰਧਿਆ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਇਸ ਲਈ ਅਸੀਂ ਸ਼ਾਹੀ ਘਰਾਣੇ ਵਿੱਚ ਆਪਣੇ ਜਸ਼ਨ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਹਾਂ ਅਤੇ ਐਬੇ ਵੱਲੋਂ ਮੈਂ ਤੁਹਾਡੇ ਲਈ ਸ਼ੁੱਭਕਾਮਨਾਵਾਂ ਲਿਆਇਆ ਹਾਂ।’’ ਸਮਾਗਮ ਮੌਕੇ ਪਾਦਰੀ ਮਿਗੁਏਲ ਮੌਰੇ ਬੁਏਂਡਿਆ ਨੇ ਕੈਥੋਲਿਕ ਚਰਚ ਦੀ ਨੁਮਾਇੰਦਗੀ ਕੀਤੀ। ਸਮਾਗਮ ਦੇ ਅੰਤ ਵਿੱਚ ਸ਼ੈੱਫ ਕਲੈਨੀ ਰੌਡਰਿਗਜ਼ ਵੱਲੋਂ ਬਣਾਇਆ ਕੇਕ ਵੀ ਕੱਟਿਆ ਗਿਆ।