ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦਾ ਚੇਅਰਪਰਸਨ ਨਿਯੁਕਤ ਕਰਨ ’ਤੇ ਸਹਿਮਤੀ ਬਣ ਗਈ ਹੈ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਭਾਜਪਾ ਨਾਲ ਸਿੱਝਣ ਲਈ ਰਣਨੀਤੀ ਬਣਾਉਣ ਵਾਸਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀ ਅੱਜ ਇਥੇ ਵਰਚੁਅਲੀ ਮੀਟਿੰਗ ਦੌਰਾਨ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ ਨੂੰ ਗੱਠਜੋੜ ਦਾ ਕਨਵੀਨਰ ਬਣਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ। ਉਂਜ ਨਿਤੀਸ਼ ਕੁਮਾਰ ਨੇ ਕਨਵੀਨਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੀਟਿੰਗ ’ਚ ਤ੍ਰਿਣਮੂਲ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਹਾਜ਼ਰੀ ਨਹੀਂ ਭਰੀ। ਸੂਤਰਾਂ ਮੁਤਾਬਕ ਖੜਗੇ ਤਿੰਨੋਂ ਪਾਰਟੀਆਂ ਦੇ ਆਗੂਆਂ ਨਾਲ ਨਵੀਆਂ ਨਿਯੁਕਤੀਆਂ ਬਾਰੇ ਗੱਲਬਾਤ ਕਰ ਰਹੇ ਹਨ। ਆਗੂਆਂ ਨੇ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਨੂੰ ‘ਇੰਡੀਆ’ ਗੱਠਜੋੜ ਦਾ ਕਨਵੀਨਰ ਬਣਾਉਣ ਦਾ ਵੀ ਫ਼ੈਸਲਾ ਲਿਆ ਪਰ ਅੰਤਿਮ ਫ਼ੈਸਲਾ ਬਾਕੀ ਪਾਰਟੀਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਲਿਆ ਜਾਵੇਗਾ ਜਿਨ੍ਹਾਂ ਦੇ ਨੁਮਾਇੰਦੇ ਮੀਟਿੰਗ ’ਚ ਹਾਜ਼ਰ ਨਹੀਂ ਸਨ। ਮੀਟਿੰਗ ਦੌਰਾਨ ਹਾਜ਼ਰ ਬਿਹਾਰ ਦੇ ਮੰਤਰੀ ਸੰਜੈ ਝਾਅ ਨੇ ਕਿਹਾ,‘‘ਨਿਤੀਸ਼ ਨੂੰ ‘ਇੰਡੀਆ’ ਗੱਠਜੋੜ ਦਾ ਕਨਵੀਨਰ ਬਣਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਉਨ੍ਹਾਂ ਪੇਸ਼ਕਸ਼ ਠੁਕਰਾ ਕੇ ਇਹ ਅਹੁਦਾ ਕਾਂਗਰਸ ਨੂੰ ਦੇਣ ਦੀ ਵਕਾਲਤ ਕੀਤੀ। ਨਿਤੀਸ਼ ਨੇ ਅਹੁਦਾ ਲੈਣ ’ਚ ਕੋਈ ਦਿਲਚਸਪੀ ਨਹੀਂ ਦਿਖਾਈ।’’ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੇ ਮੈਂਬਰਾਂ ’ਚ ਕਨਵੀਨਰ ਦੀ ਨਿਯੁਕਤੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਲਈ ਕਿਸੇ ਚਿਹਰੇ ਨੂੰ ਪ੍ਰਾਜੈਕਟ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਚੋਣ ਨਤੀਜੇ ਆਉਣ ਤੋਂ ਬਾਅਦ ਆਗੂ ਦੀ ਚੋਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਨਾਮ ਕਨਵੀਨਰ ਦੇ ਅਹੁਦੇ ਲਈ ਆਇਆ ਸੀ ਪਰ ਉਨ੍ਹਾਂ ਰਾਏ ਦਿੱਤੀ ਕਿ ਪਾਰਟੀ ਮੁਖੀਆਂ ਦੀ ਟੀਮ ਬਣਾਈ ਜਾਣੀ ਚਾਹੀਦੀ ਹੈ ਅਤੇ ਕਨਵੀਨਰ ਨਿਯੁਕਤ ਕਰਨ ਦੀ ਕੋਈ ਲੋੜ ਨਹੀਂ ਹੈ। ਮੀਟਿੰਗ ਮਗਰੋਂ ਪੁਣੇ ਜ਼ਿਲ੍ਹੇ ਦੇ ਜੂਨਾਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਾਰ ਨੇ ਕਿਹਾ,‘‘ਵੋਟਾਂ ਲੈਣ ਲਈ ਇਕ ਚਿਹਰੇ ਨੂੰ ਪ੍ਰਾਜੈਕਟ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਚੋਣਾਂ ਤੋਂ ਬਾਅਦ ਆਗੂ ਦੀ ਚੋਣ ਕਰਾਂਗੇ ਅਤੇ ਅਸੀਂ ਆਸਵੰਦ ਹਾਂ ਕਿ ਲੋਕਾਂ ਨੂੰ ਬਦਲ ਦੇਵਾਂਗੇ।’’ ਉਨ੍ਹਾਂ ਮੋਰਾਰਜੀ ਦੇਸਾਈ ਦੀ ਮਿਸਾਲ ਦਿੰਦਿਆਂ ਕਿਹਾ ਕਿ 1977 ’ਚ ਵਿਰੋਧੀ ਧਿਰ ਨੇ ਸ੍ਰੀ ਦੇਸਾਈ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਪ੍ਰਾਜੈਕਟ ਨਹੀਂ ਕੀਤਾ ਸੀ। ਐੱਨਸੀਪੀ ਮੁਖੀ ਨੇ ਕਿਹਾ ਕਿ ਕਈ ਪਾਰਟੀਆਂ ਦਾ ਇਕੱਠਾ ਹੋਣਾ ਹਾਂ-ਪੱਖੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਹੋਇਆ। ਰਾਮ ਮੰਦਰ ਦੇ ਮੁੱਦੇ ’ਤੇ ਪਵਾਰ ਨੇ ਕਿਹਾ ਕਿ ਕੋਈ ਵੀ ਅਯੁੱਧਿਆ’ਚ ਰਾਮ ਮੰਦਰ ਦਾ ਵਿਰੋਧੀ ਨਹੀਂ ਹੈ ਪਰ ਮੰਦਰ ’ਚ ਮੂਰਤੀ ਸਥਾਪਨਾ ਦੇ ਸਮਾਗਮ ਪਿੱਛੇ ਸਿਆਸੀ ਮਨਸ਼ਾ ਹੈ ਜਿਸ ਦੀ ਉਸਾਰੀ ਮੁਕੰਮਲ ਨਾ ਹੋਣ ਕਰਕੇ ਸਵਾਲ ਚੁੱਕੇ ਜਾ ਰਹੇ ਹਨ। ਇਸ ਦੌਰਾਨ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਉਹ ਵਰਚੁਅਲੀ ਮੀਟਿੰਗ ’ਚ ਹਾਜ਼ਰੀ ਨਹੀਂ ਲੁਆ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਦੀ ਜਾਣਕਾਰੀ ਪਹਿਲਾਂ ਹੀ ‘ਇੰਡੀਆ’ ਗੱਠਜੋੜ ਨੂੰ ਦੇ ਦਿੱਤੀ ਸੀ। ਮੀਟਿੰਗ ’ਚ ਖੜਗੇ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕੇ ਸੀ ਵੇਣੂਗੋਪਾਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਲੱਲਨ ਸਿੰਘ ਤੇ ਸੰਜੈ ਝਾਅ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ, ਐੱਨਸੀਪੀ ਮੁਖੀ ਸ਼ਰਦ ਪਵਾਰ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਹੋਰ ਆਗੂ ਹਾਜ਼ਰ ਸਨ।
Related Posts
ਸਰਕਾਰ ਨੇ 25 ਕਰੋੜ ਲੋਕਾਂ ਨੂੰ ਗ਼ਰੀਬੀ ’ਚੋਂ ਕੱਢਿਆ: ਮੋਦੀ
ਡੀਸਾ (ਗੁਜਰਾਤ), 10 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਦਾ ਹਰੇਕ ਵਿਅਕਤੀ ਭਾਰਤ ਨੂੰ ਵਿਕਸਤ ਮੁਲਕ…
ਦੇਸ਼ ’ਚ 7 ਦਿਨ ਦੇ ਅੰਦਰ ਸੀਏਏ ਲਾਗੂ ਕਰ ਦਿੱਤਾ ਜਾਵੇਗਾ: ਕੇਂਦਰੀ ਮੰਤਰੀ
ਕੋਲਕਾਤਾ, 29 ਜਨਵਰੀ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਨੇ ਅੱਜ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਹਫ਼ਤੇ ਦੇ ਅੰਦਰ ਦੇਸ਼…
ਚੋਣਾਂ ਜਿੱਤਣ ਤੋਂ ਪਹਿਲਾਂ ਹੀ ਭਾਜਪਾ ਨੇ ਇੱਕ ਸਿੱਖ ਸੁਰਿੰਦਰ ਪਾਲ ਟੀਟੀ ਮੰਤਰੀ ਨੂੰ ਬਣਾਇਆ, ਕਾਂਗਰਸ ਵੀ ਹੈਰਾਨ
ਜੈਪੁਰ, 31 ਦਸੰਬਰ (ਦ ਦ)ਰਾਜਸਥਾਨ ਵਿੱਚ ਚੋਣ ਜਿੱਤਣ ਤੋਂ ਪਹਿਲਾਂ ਹੀ ਭਾਜਪਾ ਨੇ ਸੁਰਿੰਦਰ ਪਾਲ ਸਿੰਘ ਟੀਟੀ ਨੂੰ ਮੰਤਰੀ ਬਣਾ…