ਭਾਰਤ ਨੇ ਆਸਟ੍ਰੇਲੀਆ ਨੂੰ 44 ਦੌੜਾਂ ਨਾਲ ਹਰਾਇਆ 2-0 ਨਾਲ ਹੋਇਆ ਅੱਗੇ

ਤਿਰੂਵਨੰਤਪੁਰਮ, 27 ਨਵੰਬਰ (ਦ ਦ)ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 44 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੰਗਾਰੂ ਟੀਮ ਨੂੰ 236 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ 191/9 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਲਈ ਮਾਰਕਸ ਸਟੋਇਨਿਸ (45) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਕਪਤਾਨ ਮੈਥਿਊ ਵੇਡ ਨੇ 42 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿਧ ਕ੍ਰਿਸ਼ਨ ਅਤੇ ਰਵੀ ਬਿਸ਼ਨੋਈ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 3-3 ਵਿਕਟਾਂ ਲਈਆਂ। ਅਰਸ਼ਦੀਪ, ਅਕਸ਼ਰ ਅਤੇ ਮੁਕੇਸ਼ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਲਈ ਯਸ਼ਸਵੀ ਜੈਸਵਾਲ (53), ਈਸ਼ਾਨ ਕਿਸ਼ਨ (52) ਅਤੇ ਰਿਤੂਰਾਜ ਗਾਇਕਵਾੜ (58) ਨੇ ਅਰਧ ਸੈਂਕੜੇ ਲਗਾਏ। ਰਿੰਕੂ ਸਿੰਘ ਨੇ ਵੀ ਡੈੱਥ ਓਵਰਾਂ ਵਿੱਚ 9 ਗੇਂਦਾਂ ਵਿੱਚ 31 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਨਾਥਨ ਐਲਿਸ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਹਾਲਾਂਕਿ ਉਨ੍ਹਾਂ ਨੇ 4 ਓਵਰਾਂ ‘ਚ 45 ਦੌੜਾਂ ਵੀ ਦਿੱਤੀਆਂ। ਇਸ ਜਿੱਤ ਨਾਲ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ਦੀ ਬੜ੍ਹਤ 2-0 ਹੋ ਗਈ ਹੈ।

About the Author

admin